ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼ ਵਲੋਂ ਨੇੜਲੇ ਪਿੰਡਾਂ ਵਿੱਚ ਸਮਾਜਿਕ ਜਾਗਰੂਕਤਾ ਲਈ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ 'ਦਿਸ਼ਾ ਅਭਿਆਨ' ਦੇ ਤਹਿਤ ਕੱਢਿਆ ਗਿਆ। ਇਸ ਰੋਡ ਸ਼ੋਅ ਵਿੱਚ ਇੰਸਟੀਟਯੂਟ ਦੇ ਹੋਟਲ ਮੈਨਜਮੈਂਟ, ਐਮ.ਸੀ.ਏ., ਐਮ.ਬੀ.ਏ., ਬੀ.ਬੀ.ਏ., ਬੀ. ਕਾਮ (ਪ੍ਰੋਫੈਸ਼ਨਲ), ਬੀ.ਬੀ.ਏ. (ਮੈਡੀਕਲ ਲੈਬ ਸਾਂਈਸ ਅਤੇ ਖੇਤੀ) ਦੇ ਸੈਂਕੜੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਹਿਸਾ ਲਿਆ।
ਇਸ ਰੋਡ ਸ਼ੋਅ ਦਾ ਮੁੱਖ ਮੰਤਵ ਸਮਾਜ ਅਤੇ ਲੋਕਾਂ ਵਿੱਚ ਵੱਖ-ਵੱਖ ਸਮਾਜਿਕ ਮੁੱਦਿਆਂ ਬਾਰੇ ਚਾਨਣਾ ਪਾਉਣਾ ਸੀ। ਇਸ ਰਾਂਹੀ ਸਮਾਜ ਵਿੱਚ ਚਲ ਰਹੀਆਂ ਕੁਰੀਤੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਸਚੇਤ ਕੀਤਾ ਗਿਆ। ਇਸ ਰੋਡ ਸ਼ੋਅ ਵਿੱਚ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਛੇ ਪਿੰਡਾਂ ਵਿੱਚ ਜਾਗਰੂਕਤਾ ਲਹਿਰ ਚਲਾਈ। ਇਹ ਪਿੰਡ ਸਨ-ਬੁੱਦੋ ਪਿੰਦਰ, ਉਠੌਲਾ, ਕੋਹਾਲਾ, ਨਿਜੱਰਾ, ਲਲੀਆ ਕਲਾਂ, ਰਾਮਪੁਰ ਲਲੀਆਂ।
ਇਹਨਾਂ ਪਿੰਡਾਂ ਵਿੱਚ ਪਹੁੰਚ ਕੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਪਿੰਡ ਦੇ ਸਰਪੰਚ, ਪੰਚਾਂ ਅਤੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਸਮਾਜਿਕ ਤੌਰ ਤੇ ਜਾਗਰੂਕ ਕੀਤਾ। ਵਿਦਿਆਰਥੀਆਂ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ ਇਨ•ਾਂ ਤੇ ਲਿਖਿਆ ਸੀ- ਬੇਟੀ ਬਚਾਓ-ਬੇਟੀ ਪੜਾਓ, ਜੈਵਿਕ ਖੇਤੀ ਅਪਣਾਓ, ਖੂਨਦਾਨ ਮਹਾਦਾਨ, ਪੇੜ ਲਗਾਓ-ਜ਼ਿੰਦਗੀ ਬਚਾਓ, ਅੱਖਾਂ ਦਾਨ ਕਰੋ ਆਦਿ।
ਸਾਰੇ ਪਿੰਡਾਂ ਵਿੱਚ ਇੰਸਟੀਟਯੂਟ ਵਲੋਂ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਮਦਦ ਨਾਲ ਕੈਂਪ ਵੀ ਲਗਾਏ ਗਏ। ਲੈਬ ਸਾਂਈਸ ਵਿਭਾਗ ਵਲੋਂ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਬਲੱਡ ਟੈਸਟ ਅਤੇ ਸ਼ੂਗਰ ਟੈਸਟ ਕੀਤੇ ਗਏ। ਖੇਤੀ ਵਿਭਾਗ ਵਲੋਂ ਮਿੱਟੀ ਦੀ ਪਰਖ ਬਾਰੇ ਕੈਂਪ ਲਗਾਇਆ ਗਿਆ ਅਤੇ ਪਿੰਡਾਂ ਦੇ ਕਿਸਾਨਾਂ ਨੂੰ ਸਮਝਾਇਆ ਗਿਆ ਕਿ ਕਿਵੇਂ ਜੈਵਿਕ ਖੇਤੀ ਅਪਨਾਉਣ ਨਾਲ ਉਹਨਾਂ ਦੀ ਜ਼ਮੀਨ ਅਤੇ ਮਿੱਟੀ ਹੋਰ ਉਪਜਾਉ ਹੋ ਸਕਦੀ ਹੈ।
ਸਟਾਫ ਮੈਂਬਰਾਂ ਨੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਖਾਸ ਕਰ ਲੜਕੀਆਂ ਨੂੰ ਜ਼ਰੂਰ ਪੜਾਉਣ ਲਈ ਕੈਰਿਅਰ ਗਾਈਡੰਸ ਕੈਂਪ ਵੀ ਲਗਾਇਆ। ਇਸ ਦੌਰਾਨ ਪਿੰਡਾਂ ਦੇ ਲੋਕਾਂ ਵਲੋਂ ਇਸ ਰੋਡ ਸ਼ੋਅ ਲਈ ਇੰਸਟੀਟਯੂਟ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਇਸ ਰੋਡ ਸ਼ੋਅ ਨੂੰ ਭਰਪੂਰ ਸਮਰਥਨ ਵੀ ਦਿੱਤਾ।
ਗਰੁੱਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਦੀਪਕ ਪਾਨੂੰਲ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਰੋਡ ਸ਼ੋਅ ਦੀ ਸਫਲਤਾ ਤੇ ਵਧਾਈ ਦਿੱਤੀ।